ਪੰਜਾਬ ਦੇ ਹਰਵੀਰ ਸਿੰਘ ਨੇ ਅਮਰੀਕਾ ਵਿਚ ਗੱਡੇ ਝੰਡੇ

ਮੁਹਾਲੀ ਦੇ ਜੰਮਪਲ ਨੌਜਵਾਨ ਹਰਵੀਰ ਸਿੰਘ ਸੋਹੀ ਨੇ ਅਮਰੀਕਾ ਵਿਚ ਝੰਡੇ ਗੱਡਦਿਆਂ ਉਥੋਂ ਦੇ ਹਵਾਈ ਵਿਚ ਆਯੋਜਤ ਕੀਤੇ ਗਏ ਆਇਰਨ ਮੈਨ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਵਕਾਰੀ ਮੁਕਾਬਲੇ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਤਿੰਨ ਵੱਖ-ਵੱਖ ਮੁਕਾਬਲਿਆਂ ਤੈਰਾਕੀ, ਸਾਈਕਲਿੰਗ ਅਤੇ ਦੌੜ ਵਿਚ ਭਾਗ ਲੈਣਾ ਹੁੰਦਾ ਹੈ ਅਤੇ ਇਸ ਦੌਰਾਨ ਪ੍ਰਤੀਯੋਗੀ 113 ਕਿਲੋਮੀਟਰ ਦੇ ਕਰੀਬ ਦਾ ਫਾਸਲਾ ਤੈਅ ਕਰਦੇ ਹਨ।

ਹਰਵੀਰ ਸਿੰਘ ਸੋਹੀ, ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈੱਲ ਦੇ ਪ੍ਰਧਾਨ ਲੈਫ਼. ਕਰਨਲ ਐਸ.ਐਸ.ਸੋਹੀ ਦਾ ਪੁੱਤਰ ਹੈ ਅਤੇ ਪਿਛਲੇ 15-16 ਸਾਲ ਤੋਂ ਅਮਰੀਕਾ ਦੇ ਟੈਕਸਾਸ ਵਿਚ ਰਹਿ ਰਿਹਾ ਹੈ। ਉਹ ਪੇਸ਼ੇ ਤੋਂ ਇਲੈਕਟ੍ਰਾਨਿਕ ਇੰਜੀਨੀਅਰ ਹੈ ਅਤੇ ਅਮਰੀਕਾ ਜਾ ਕੇ ਵਸਣ ਦੇ ਬਾਵਜੂਦ ਉਸ ਦਾ ਖੇਡਾਂ ਦਾ ਸ਼ੌਕ ਬਰਕਰਾਰ ਹੈ। ਹਰਵੀਰ ਦੇ ਪਿਤਾ ਲੈਫ਼. ਕਰਨਲ ਸੋਹੀ ਨੇ ਦਸਿਆ ਕਿ ਹਰਵੀਰ ਨੇ ਹਵਾਈ ਵਿਖੇ ਹੋਣ ਵਾਲੇ ਆਇਰਨ ਮੈਨ ਮੁਕਾਬਲੇ ਵਿਚ ਭਾਗ ਲੈਣ ਦਾ ਫ਼ੈਸਲਾ ਕੀਤਾ ਸੀ ਅਤੇ ਇਸ ਵਾਸਤੇ ਉਹ ਕੜੀ ਮਿਹਨਤ ਕਰ ਰਿਹਾ ਸੀ।

ਉਨ੍ਹਾਂ ਦਸਿਆ ਕਿ ਇਸ ਮੁਕਾਬਲੇ ਵਿਚ ਭਾਗ ਲੈਣ ਲਈ ਪੂਰੇ ਵਿਸ਼ਵ ਦੇ ਖਿਡਾਰੀ ਆਉਂਦੇ ਹਨ ਜਿਸ ਦੌਰਾਨ ਸੱਭ ਤੋਂ ਪਹਿਲਾਂ ਲਗਭਗ ਦੋ ਕਿਲੋਮੀਟਰ ਤਕ ਤੈਰਾਕੀ ਮੁਕਾਬਲੇ ਵਿਚ ਭਾਗ ਲੈਣਾ ਹੁੰਦਾ ਹੈ ਜਿਸ ਤੋਂ ਬਾਅਦ ਪ੍ਰਤੀਯੋਗੀ ਨੇ ਮਿੱਥੇ ਰੂਟ ਤੇ ਲਗਭਗ 90 ਕਿਲੋਮੀਟਰ ਸਾਈਕਲ ਚਲਾਉਣੀ ਹੁੰਦੀ ਹੈ ਅਤੇ ਇਸ ਤੋਂ ਬਾਅਦ ਉਸ ਨੇ 21 ਕਿਲੋਮੀਟਰ ਤਕ ਦੌੜ ਲਗਾਉਣੀ ਹੁੰਦੀ ਹੈ।

ਉਨ੍ਹਾਂ ਦਸਿਆ ਕਿ ਹਰਵੀਰ ਨੇ ਇਹ ਮੁਕਾਬਲਾ ਜਿੱਤ ਕੇ ਆਇਰਨ ਮੈਨ ਦਾ ਖ਼ਿਤਾਬ ਅਪਣੇ ਨਾਮ ਕੀਤਾ ਹੈ ਜਿਸ ਲਈ ਉਨ੍ਹਾਂ ਨੂੰ ਹਰਵੀਰ ਤੇ ਮਾਣ ਹੈ ਅਤੇ ਇਹ ਮੁਕਾਬਲਾ ਜਿੱਤ ਕੇ ਉਸ ਨੇ ਅਪਣੇ ਦੇਸ਼ ਦਾ ਨਾਮ ਵੀ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਹਰਵੀਰ ਸਿੰਘ ਲਈ ਇਹ ਮੁਕਾਬਲਾ ਜਿੱਤਣਾ ਆਸਾਨ ਨਹੀਂ ਸੀ।

ਕੁੱਝ ਸਾਲ ਪਹਿਲਾਂ ਇਕ ਸਾਈਕਲ ਮੁਕਾਬਲੇ ਦੌਰਾਨ ਉਸ ਦਾ ਅਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਸ ਦੇ ਸਿਰ ਵਿਚ ਡੂੰਘੀ ਸੱਟ ਵੱਜੀ ਸੀ ਅਤੇ ਉਸ ਦੀ ਯਾਦਦਾਸ਼ਤ ਵੀ ਚਲੀ ਗਈ ਸੀ। ਇਸ ਦੇ ਬਾਵਜੂਦ ਉਸ ਨੇ ਹੌਂਸਲਾ ਨਹੀਂ ਛਡਿਆ ਅਤੇ ਉਸ ਸੱਟ ਤੋਂ ਉਭਰਨ ਤੋਂ ਬਾਅਦ ਉਸ ਨੇ ਪੂਰੀ ਲਗਨ ਨਾਲ ਮਿਹਨਤ ਕਰ ਕੇ ਇਹ ਵਕਾਰੀ ਮੁਕਾਬਲਾ ਅਪਣੇ ਨਾਮ ਕੀਤਾ ਹੈ।

Leave a Reply

Your email address will not be published. Required fields are marked *