ਝਗੜਾ ਕਚਹਿਰੀ ਚਲਾ ਜਾਂਦਾ ਤਾਂ ਪਰਵਾਰ ਦਾ ਟੁਟਣਾ ਤੈਅ ਸੀ

ਬੀਤੇ ਦਿਨ ਪ੍ਰਸਿੱਧ ਗਾਇਕ ਲਹਿੰਬਰ ਹੁਸੈਨਪੁਰੀ ਦੇ ਪ੍ਰਵਾਰਕ ਝਗੜੇ ਦਾ ਸੋਸ਼ਲ ਮੀਡੀਆ ’ਤੇ ਕਾਫ਼ੀ ਰੌਲਾ ਪਿਆ। ਝਗੜੇ ਨੂੰ ਹੱਲ ਕਰਵਾਉਣ ਵਿਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅਹਿਮ ਭੂਮਿਕਾ ਨਿਭਾਈ। ਮੁਨੀਸ਼ਾ ਗੁਲਾਟੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।

ਜਦੋਂ ਇਸ ਪ੍ਰਵਾਰ ਦਾ ਝਗੜਾ ਸੋਸ਼ਲ ਮੀਡੀਆ ’ਤੇ ਆਉਣਾ ਸ਼ੁਰੂ ਹੋਇਆ ਤਾਂ ਹੌਲੀ-ਹੌਲੀ ਇਹ ਮੁੱਦਾ ਗਰਮ ਹੁੰਦਾ ਗਿਆ। ਫਿਰ ਇਸ ਵਿਚ ਪ੍ਰਵਾਰ ਦੇ ਬੱਚਿਆਂ ਦੀ ਸ਼ਮੂਲੀਅਤ ਹੋ ਗਈ। ਪ੍ਰਵਾਰ ਦੀ 14 ਸਾਲ ਦੀ ਬੱਚੀ ਦੀ ਸਟੇਟਮੈਂਟ ਆਉਣ ਤੋਂ ਬਾਅਦ ਸਾਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਲੋੜ ਮਹਿਸੂਸ ਹੋਈ। ਅਸੀਂ ਖ਼ੁਦ ਨੋਟਿਸ ਲੈਂਦਿਆਂ ਪ੍ਰਵਾਰ ਨੂੰ ਗੱਲਬਾਤ ਲਈ ਬੁਲਾਇਆ। ਸਿਹਤ ਸਬੰਧੀ ਸਮੱਸਿਆ ਕਾਰਨ ਉਨ੍ਹਾਂ ਦੀ ਪਤਨੀ ਤਾਂ ਨਾ ਆਈ ਪਰ ਲਹਿੰਬਰ ਆ ਕੇ ਮਿਲਿਆ। ਲਹਿੰਬਰ ਨਾਲ ਗੱਲਬਾਤ ਵਿਚੋਂ ਉਸ ਦੇ ਚੰਗਾ ਇਨਸਾਨ ਹੋਣ ਦੀ ਝਲਕ ਪਈ।

ਉਹ ਜਿਸ ਤਣਾਅ ਨਾਲ ਜੂਝ ਰਿਹਾ ਸੀ, ਉਸ ਹਾਲਤ ਵਿਚ ਕੋਈ ਵੀ ਇਨਸਾਨ ਬੇਤੁਕਾ ਵਿਵਹਾਰ ਕਰ ਸਕਦਾ ਸੀ ਪਰ ਉਸ ਨੇ ਪਹਿਲੀ ਮਿਲਣੀ ਦੌਰਾਨ ਹੀ ਅਜਿਹੀ ਛਾਪ ਛੱਡੀ ਜਿਸ ਤੋਂ ਪ੍ਰਭਾਵਤ ਹੋਏ ਬਿਨਾਂ ਅਸੀਂ ਰਹਿ ਨਾ ਸਕੇ। ਸਾਨੂੰ ਮਹਿਸੂਸ ਹੋਇਆ ਕਿ ਪ੍ਰਵਾਰ ਨੂੰ ਰੋਕਣਾ-ਟੋਕਣਾ ਅਤੇ ਦਖ਼ਲ ਦੇਣਾ ਉਸ ਦਾ ਹੱਕ ਹੈ। ਪਰ ਦੂਜੀ ਮਿਲਣੀ ਦੌਰਾਨ ਜਿਥੇ ਉਹ ਗ਼ਲਤ ਸੀ, ਉਸ ਨੇ ਅਪਣੀ ਪਤਨੀ ਦੇ ਸਾਹਮਣੇ ਅਪਣੀ ਗ਼ਲਤੀ ਨੂੰ ਸਵੀਕਾਰ ਵੀ ਕੀਤਾ। ਉਸ ਨੇ ਹੱਥ ਚੁੱਕਣ ਦੀ ਗ਼ਲਤੀ ਵੀ ਕਬੂਲ ਕਰ ਲਈ ਅਤੇ ਇਹ ਵੀ ਦਸ ਦਿਤਾ ਕਿ ਕਿੰਨੀ ਵਾਰੀ ਹੱਥ ਚੁਕਿਆ ਹੈ ਅਤੇ ਉਸ ਦਾ ਕਾਰਨ ਵੀ ਦਸਿਆ। ਉਸ ਦੀ ਪਤਨੀ ਨੇ ਵੀ ਅਪਣੀਆਂ ਕੁੱਝ ਨਿਜੀ ਗੱਲਾਂ ਮੇਰੇ ਨਾਲ ਵਖਰੇ ਤੌਰ ’ਤੇ ਸਾਂਝੀਆਂ ਕੀਤੀਆਂ।

ਸੱਭ ਤੋਂ ਵੱਡੀ ਗੱਲ ਲਬਿੰਹਰ ਨੇ ਪਹਿਲੀ ਮਿਲਣੀ ਦੌਰਾਨ ਅਪਣੀ ਪਤਨੀ ਅਤੇ ਬੱਚਿਆਂ ਬਾਰੇ ਕੋਈ ਗ਼ਲਤ ਬਿਆਨੀ ਜਾਂ ਭੜਕਾਊ ਟਿਪਣੀ ਨਾ ਕੀਤੀ ਸਗੋਂ ਉਸ ਨੇ ਰੌਂਦੇ ਹੋਏ ਅਪਣੇ ਪਿਛੋਕੜ ਅਤੇ ਗ਼ਰੀਬੀ ਦੇ ਦਿਨਾਂ ਦਾ ਬਿਰਤਾਂਤ ਸਾਂਝਾ ਕੀਤਾ ਕਿ ਕਿਵੇਂ ਉਹ ਗ਼ਰੀਬੀ ਵਿਚੋਂ ਉਠ ਕੇ ਸਖ਼ਤ ਮਿਹਨਤ ਕਰ ਕੇ ਇਥੋਂ ਤਕ ਪਹੁੰਚ ਸਕਿਆ ਹੈ। ਮੈਨੂੰ ਉਨ੍ਹਾਂ ਵਿਚ ਇਕ ਚੰਗੇ ਪਤੀ ਵਾਲੀ ਚੰਗਿਆਈ ਨਜ਼ਰ ਆਈ। ਨਾਲ ਸਾਡੇ ਭਾਰਤੀ ਪ੍ਰਵਾਰਾਂ ਵਿਚ ਛੋਟੇ-ਮੋਟੇ ਝਗੜੇ ਤਾਂ ਚਲਦੇ ਹੀ ਰਹਿੰਦੇ ਹਨ, ਜਿਨ੍ਹਾਂ ਨਾਲ ਨਜਿੱਠਣ ਦਾ ਢੰਗ ਆਉਣਾ ਚਾਹੀਦਾ ਹੈ।

ਪਤਨੀ ਦਾ ਕਹਿਣਾ ਸੀ ਕਿ ਅਜਿਹਾ ਹੁੰਦਾ ਰਹਿੰਦਾ ਸੀ, ਜਦਕਿ ਲਹਿੰਬਰ ਦਾ ਪੱਖ ਸੀ ਕਿ ਸਾਡੇ ਕੰਮ ਵਿਚ ਮੁਕਾਬਲੇਬਾਜ਼ੀ ਬਹੁਤ ਜ਼ਿਆਦਾ ਹੈ। ਜਦੋਂ ਵੀ ਮੈਂ ਕੰਮ ਦੇ ਸਿਲਸਿਲੇ ਵਿਚ ਬਾਹਰ ਜਾਂਦਾ ਹਾਂ ਤਾਂ ਵਾਰ-ਵਾਰ ਫ਼ੋਨ ਕਰੀ ਜਾਣਾ ਜਾਂ ਸ਼ੱਕ ਕਰੀ ਜਾਣਾ ਰਿਸ਼ਤੇ ਵਿਗਾੜ ਰਿਹਾ ਸੀ। ਗੱਲ ਕੀ, ਉਨ੍ਹਾਂ ਵਿਚਕਾਰ ਪਾਣੀ ਵਿਚ ਮਧਾਣੀ ਪਾਉਣ ਵਰਗੀਆਂ ਗ਼ਲਤ-ਫ਼ਹਿਮੀਆਂ ਸਨ, ਜਿਨ੍ਹਾਂ ਨੂੰ ਢਾਈ ਘੰਟੇ ਦੀ ਕੌਂਸਲਿੰਗ ਬਾਅਦ ਸੁਲਝਾਉਣ ਵਿਚ ਅਸੀਂ ਕਾਮਯਾਬ ਰਹੇ। ਇਹ ਗੱਲ ਵੀ ਯਕੀਨੀ ਹੈ ਕਿ ਜੇਕਰ ਇਹ ਮਾਮਲਾ ਅਦਾਲਤ ਜਾਂ ਥਾਣੇ ਗਿਆ ਹੁੰਦਾ ਤਾਂ ਇਸ ਪ੍ਰਵਾਰ ਦਾ ਟੁਟਣਾ ਲਗਭਗ ਤੈਅ ਸੀ। ਕਿਉਂਕਿ ਸਾਡੀ ਪੁਲਿਸ ਦੇ ਕੰਮ ਕਰਨ ਦਾ ਢੰਗ ਕੁੱਝ ਅਲੱਗ ਹੈ, ਉਹ ਕੌਂਸਲਿੰਗ ਜ਼ਰੀਏ ਸਮਝਾ-ਬੁਝਾ ਕੇ ਮਸਲਾ ਹੱਲ ਨਹੀਂ ਕਰਦੇ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਵੀ ਇਸ ਗੱਲ ਦੀ ਹਾਮੀ ਭਰੀ ਕਿ ਇਹ ਸੱਭ ਤੁਸੀਂ ਹੀ ਕਰ ਲਿਆ ਵਰਨਾ ਕਹਾਣੀ ਵਿਗੜ ਜਾਣੀ ਸੀ। ਇਸ ਵਿਚ ਪੁਲਿਸ ਦਾ ਵੀ ਕੋਈ ਕਸੂਰ ਨਹੀਂ, ਕਿਉਂਕਿ ਕੌਂਸਲਿੰਗ ਨਾਲ ਮਸਲੇ ਹੱਲ ਕਰਨਾ ਉਨ੍ਹਾਂ ਦੀ ਟਰੇਨਿੰਗ ਦਾ ਹਿੱਸਾ ਨਹੀਂ ਹੁੰਦਾ, ਭਾਵੇਂ ਅਸੀਂ ਪੁਲਿਸ ਪ੍ਰਸ਼ਾਸਨ ਵਿਚ ਕੌਂਸਲਿੰਗ ਸਬੰਧੀ ਕਈ ਵਾਰ ਸੁਝਾਅ ਦੇ ਚੁੱਕੇ ਹਾਂ।

Leave a Reply

Your email address will not be published. Required fields are marked *