ਦੱਖਣੀ ਦਿੱਲੀ ਦੇ ਨਿਜ਼ਾਮੂਦੀਨ ਵਿੱਚੋਂ ਬਾਹਰ ਕੱਢੇ 24 ਮਰੀਜ਼ਾਂ ਨੂੰ ਕਰੋਨਾਵਾਇਰਸ ਹੋਣ ਦੀ ਪੁਸ਼ਟੀ ਮਗਰੋਂ ਇਸ ਧਾਰਮਿਕ ਸਮਾਗਮ ’ਚ ਸ਼ਿਰਕਤ ਕਰਨ ਵਾਲਿਆਂ ਦੀ ਭਾਲ ਸ਼ੁਰੂ ਹੋ ਗਈ ਹੈ। ਇਥੇ ਥਾਣਾ ਕੋਟ ਈਸੇ ਖਾਂ ਅਧੀਨ ਆਉਂਦੇ ਪਿੰਡ ਮਸੀਤਾਂ ਵਿੱਚ ਸਦੀ ਪੁਰਾਣੀ ਮਸੀਤ ’ਚ ਉਕਤ ਸਮਾਗਮ ’ਚ ਪਰਤੇ ਵਿਅਕਤੀਆਂ ਦੇ ਲੁਕੇ ਹੋਣ ਦੀ ਉੱਡੀ ਕਥਿਤ ਅਫ਼ਵਾਹ ਕਾਰਨ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਮਸੀਤ ’ਚ ਸ਼ੱਕੀ ਵਿਅਕਤੀ ਹੋਣ ਦੀ ਪੁਲੀਸ ਤੇ ਸਿਹਤ ਵਿਭਾਗ ਜਾਂਚ ਕਰ ਰਿਹਾ ਹੈ। ਇੱਕ ਟੀਵੀ ਚੈੱਨਲ ’ਤੇ ਖ਼ਬਰ ਨਸ਼ਰ ਹੋਣ ਮਗਰੋਂ ਪੂਰਾ ਪਿੰਡ ਸੀਲ ਕਰ ਦਿੱਤਾ। ਆਸ-ਪਾਸ ਦੇ ਪਿੰਡਾਂ ਨੇ ਵੀ ਇਸ ਪਿੰਡ ਨਾਲੋਂ ਨਾਤਾ ਤੋੜ ਲਿਆ। ਇਸ ਮਸੀਤ ’ਚ ਰਹਿੰਦਾ ਮੌਲਵੀ ਮਦਰੱਸਾ ਚਲਾਉਣ ਤੋਂ ਇਲਾਵਾ ਆਪਣੇ ਕਈ ਵਿਆਹਾਂ ਤੇ ਹੋਰ ਆਪਣੇ ਸਮਾਜ ਦੇ ਕਰੀਬ ਦੋ ਦਰਜਨ ਬੱਚਿਆਂ ਨੂੰ ਧਾਰਮਿਕ ਵਿੱਦਿਆ ਆਦਿ ਦਾ ਗਿਆਨ ਵੀ ਦਿੰਦਾ ਹੈ।
ਮੌਲਵੀ ਮੌਲਾਨਾ ਹੁਸੈਨ ਅਹਿਮਦ ਨੇ ਦੱਸਿਆ ਕਿ ਲੰਘੀ ਰਾਤ ਤਕਰੀਬਨ 10 ਵਜੇ ਐਂਬੂਲੈਂਸ ਵਿੱਚ ਸਿਹਤ ਵਿਭਾਗ ਦੀ ਟੀਮ ਆਈ ਸੀ ਅਤੇ ਪੁੱਛਗਿੱਛ ਕਰਕੇ ਚਲੀ ਗਈ। ਉਨ੍ਹਾਂ ਕਿਹਾ ਕਿ ਕਿਸੇ ਸ਼ਰਾਰਤੀ ਨੇ ਉਨ੍ਹਾਂ ਨੂੰ ਤੇ ਇਸ ਮਸੀਤ ਨੂੰ ਬਦਨਾਮ ਕਰਨ ਲਈ ਇਸ ਮਗਰੋਂ ਕਥਿਤ ਅਫ਼ਵਾਹ ਉਡਾ ਦਿੱਤੀ। ਉਨ੍ਹਾਂ ਦੀ ਫੋਟੋ ਸਮੇਤ ਸੋਸ਼ਲ ਮੀਡੀਆ ਉੱਤੇ ਗਲਤ ਪ੍ਰਚਾਰ ਸ਼ੁਰੂ ਹੋਣ ਮਗਰੋਂ ਉਹ ਖੁਦ ਡਰ ਗਿਆ। ਉਨ੍ਹਾਂ ਸਿਹਤ, ਸਿਵਲ ਤੇ ਪੁਲੀਸ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਤਸੱਲੀ ਕਰਵਾਈ ਕਿ ਉਹ ਨਾ ਤਾਂ ਖੁਦ ਦੱਖਣੀ ਦਿੱਲੀ ਤਬਦੀਲੀ ਸਮਾਗਮ ਵਿੱਚ ਗਿਆ ਹੈ ਅਤੇ ਨਾ ਹੀ ਉਥੋਂ ਕੋਈ ਵਿਅਕਤੀ ਆ ਕੇ ਇੱਥੇ ਲੁਕਿਆ ਹੈ।
ਸੁਪਰਡੈਂਟ ਆਫ਼ ਪੁਲੀਸ ਹਰਿੰਦਰਪਾਲ ਸਿੰਘ ਪਰਮਾਰ ਅਤੇ ਡੀਐੱਸਪੀ ਧਰਮਕੋਟ ਯਾਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਮੁਢਲੀ ਪੜਤਾਲ ’ਚ ਇਹ ਕਥਿਤ ਅਫ਼ਵਾਹ ਸੀ। ਇਸ ਸਬੰਧੀ ਪੁਲੀਸ ਨੇ ਪਿੰਡਾਂ ਵਿੱਚ ਹੋਕਾ ਦਿਵਾਇਆ ਹੈ ਕਿ ਇਹ ਅਫਵਾਹ ਹੈ। ਇਸ ’ਤੇ ਭਰੋਸਾ ਨਾ ਕੀਤਾ ਜਾਵੇ।